ਕਣਕ ਦੀ ਵਾਢੀ ਦੌਰਾਨ ਮਿਲਿਆ ਮਨੁੱਖੀ ਪਿੰਜਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਪਿੰਡ ਚੱਕ ਬਾਹਮਣੀਆਂ ਵਿਖੇ ਕਣਕ ਦੀ ਵਾਢੀ ਦੌਰਾਨ ਖੇਤਾਂ ’ਚ ਇੱਕ ਮਨੁੱਖੀ ਪਿੰਜਰ ਮਿਲਿਆ। ਜਾਣਕਾਰੀ ਅਨੁਸਾਰ ਸ਼ਾਮ ਕਰੀਬ 7.15 ਵਜੇ ਪਿੰਡ ਚੱਕ ਬਾਹਮਣੀਆਂ (ਸ਼ਾਹਕੋਟ) ਵਿਖੇ ਕਿਸਾਨ ਸ਼ੇਰ ਸਿੰਘ ਦੇ ਖੇਤਾਂ ’ਚ ਕਣਕ ਦੀ ਕੰਬਾਈਨ ਨਾਲ ਕਟਾਈ ਹੋ ਰਹੀ ਸੀ ਕਿ ਇਸ ਦੌਰਾਨ ਖੇਤਾਂ ’ਚ ਕਿਸੇ ਵਿਅਕਤੀ ਦਾ ਪਿੰਜਰ ਪਿਆ ਮਿਲਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ’ਤੇ ਡੀ.ਐਸ.ਪੀ. ਅਮਨਦੀਪ ਸਿੰਘ ਅਤੇ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵਲੋਂ ਪਿੰਜਰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤਾ। ਐਸ.ਐਚ.ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਇਲਾਕੇ ’ਚ 2 ਵਿਅਕਤੀ ਲਾਪਤਾ ਹੋਏ ਹਨ, ਜਿੰਨ੍ਹਾਂ ’ਚ ਇੱਕ ਨੌਜਵਾਨ ਪ੍ਰੀਤਮ ਸਿੰਘ ਉਰਫ ਪੀਤਾ ਵਾਸੀ ਪਿੰਡ ਮਾਣਕਪੁਰ ਕਰੀਬ ਸਵਾ ਮਹੀਨੇ ਤੋਂ ਲਾਪਤਾ ਹੈ ਅਤੇ ਦੂਸਰਾ ਦਰਿਆ ਪਾਰ ਦਾ ਬਲਵਿੰਦਰ ਸਿੰਘ ਵਾਸੀ ਪੰਡੋਰੀ ਅਰਾਈਆਂ ਕਰੀਬ 4 ਮਹੀਨੇ ਤੋਂ ਲਾਪਤਾ ਹੈ। ਐਸ.ਐਚ.ਓ. ਨੇ ਕਿਹਾ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਪਿੰਜਰ ਉਨ੍ਹਾਂ ਦੋਹਾਂ ’ਚੋਂ ਕਿਸੇ ਇੱਕ ਵਿਅਕਤੀ ਦਾ ਹੋ ਸਕਦਾ ਹੈ, ਪਰ ਅਜੇ ਕੁੱਝ ਸਪੱਸ਼ਟ ਨਹੀਂ ਕੀਤਾ ਜਾ ਸਕਦਾ।
