ਕਨੇਡਾ ਦੇ ਡਾਲਰਾਂ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ

ਅਮਰਗੜ੍ਹ (ਗੁਰਬਾਜ ਸਿੰਘ ਬੈਨੀਪਾਲ) ਕੈਨੇਡਾ ਅੰਦਰ ਜੋ ਹਾਲਾਤ ਅੱਜ ਕੱਲ੍ਹ ਬਣੇ ਹੋਏ ਹਨ , ਉਹ ਗਹਿਰੀ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਆਏ ਦਿਨ ਪੰਜਾਬੀ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ ਜਦਕਿ ਸੁਪਨਿਆਂ ਦਾ ਦੇਸ਼ ਕੈਨੇਡਾ ਕਦੇ ਸੁਰੱਖਿਆ ਪੱਖੋਂ ਕਾਫੀ ਅਹਿਮ ਮੰਨਿਆ ਜਾਂਦਾ ਸੀ । ਸਾਲ 2018 ਵਿੱਚ ਜ਼ਿਲ੍ਹਾ ਮਾਲੇਰਕੋਟਲਾ ਨਾਲ ਸੰਬੰਧਿਤ ਪਿੰਡ ਤੋਲੇਵਾਲ ਦੇ ਵਸਨੀਕ ਗੁਰਪ੍ਰੀਤ ਸਿੰਘ ਸੋਹੀ ਦਾ 27 ਸਾਲਾ ਪੁੱਤਰ ਕੁਲਵਿੰਦਰ ਸਿੰਘ ਸੋਹੀ ਵਰਕ ਪਰਮਿਟ ਉੱਤੇ ਕਨੇਡਾ ਵਧੀਆ ਜ਼ਿੰਦਗੀ ਜਿਉਣ ਦੀ ਆਸ ਲੈ ਕੇ ਗਿਆ ਸੀ ਅਤੇ ਅਣਥੱਕ ਮਿਹਨਤ ਸਦਕਾ ਕਾਮਯਾਬ ਵੀ ਹੋਇਆ ਉਸ ਨੇ ਪਲੰਬਰ ਦਾ ਕੰਮ ਕਰਦਿਆਂ ਜਿੱਥੇ ਕਨੇਡਾ ਦੀ ਪੀ.ਆਰ. ਹਾਸਿਲ ਕੀਤੀ ਉੱਥੇ ਹੀ ਰੈਡ ਸੀਲ ਹੋਣ ਉਪਰੰਤ ਆਪਣੀ ਕੰਪਨੀ ਖੋਲਣ ਵੱਲ ਕਦਮ ਵਧਾ ਰਿਹਾ ਸੀ । ਉਹ ਜਦੋਂ 23 ਅਪ੍ਰੈਲ ਦੀ ਸ਼ਾਮ ਨੂੰ ਵੈਨਕੂਵਰ ਦੇ ਵਾਈਟ ਰੌਕ ‘ਤੇ ਆਪਣੀ ਦੋਸਤ ਨਾਲ ਘੁੰਮਣ ਗਿਆ ਤਾਂ ਭੀੜ ਭੜੱਕੇ ਵਾਲੀ ਜਗ੍ਹਾ ਉੱਤੇ ਇੱਕ ਸਿਰਫਿਰੇ ਵੱਲੋਂ ਉਸਦੇ ਛੁਰਾ ਮਾਰ ਦਿੱਤਾ ਗਿਆ , ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ , ਇਸ ਘਟਨਾ ਤੋਂ ਦੋ ਦਿਨ ਪਹਿਲਾਂ ਵੀ ਇਸੇ ਥਾਂ ਇੱਕ ਪੰਜਾਬੀ ਨੌਜਵਾਨ ਉੱਤੇ ਇਸੇ ਤਰ੍ਹਾਂ ਦਾ ਹਮਲਾ ਹੋਇਆ ਸੀ ਪਰ ਉਸ ਨੌਜਵਾਨ ਦਾ ਬਚਾਅ ਰਿਹਾ , ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਤਲ ਕਿਤੇ ਪੁਲਿਸ ਦੀ ਲਾਪਰਵਾਹੀ ਦਾ ਨਤੀਜਾ ਤਾਂ ਨਹੀਂ । ਇਸ ਮਾਮਲੇ ਸਬੰਧੀ ਕੈਨੇਡਾ ਦੀ ਪੁਲਿਸ ਵੱਲੋਂ ਜਿੱਥੇ ਛਾਣਬੀਣ ਕੀਤੀ ਜਾ ਰਹੀ ਹੈ , ਉੱਥੇ ਹੀ ਪੰਜਾਬ ਰਹਿੰਦੇ ਮਾਪਿਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਨੂੰ ਵਾਪਸ ਵਤਨ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ ।
