ਡੀ.ਏ.ਵੀ. ਕਾਲਜ ਨਕੋਦਰ ਵਿਖੇ ਐਨ.ਐਸ.ਐਸ. ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ

ਨਕੋਦਰ ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਐਨ.ਐਸ.ਐਸ. ਯੂਨਿਟਾਂ ਦੇ ਸਹਿਯੋਗ ਨਾਲ ਸਮਾਜ ਭਲਾਈ ਨੂੰ ਸਮਰਪਿਤ ਲਾਇਨਜ ਕਲੱਬ ਨਕੋਦਰ ਗ੍ਰੇਟਰ ਅਤੇ ਪਟੇਲ ਹਸਪਤਾਲ ਜਲੰਧਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕੀਤਾ। ਇਸ ਮੌਕੇ ਕਿਹਾ ਕਿ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਲਾਇਨਜ ਕਲੱਬ ਨਕੋਦਰ ਗ੍ਰੇਟਰ ਵੱਲੋਂ ਸਮਾਜ ਭਲਾਈ ਲਈ ਹਮੇਸ਼ਾ ਪੂਰਾ ਉਤਸ਼ਾਹ ਦਿਖਾਇਆ ਜਾਂਦਾ ਹੈ। ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਟੈਸਟ ਕਰਵਾਏ ਅਤੇ ਦਵਾਈਆਂ ਵੀ ਪ੍ਰਾਪਤ ਕੀਤੀਆਂ। ਲਾਇਨਜ ਕਲੱਬ ਨਕੋਦਰ ਗ੍ਰੇਟਰ ਦੀ ਪੂਰੀ ਟੀਮ ਅਤੇ ਪਟੇਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਿੱਚ ਡਾਕਟਰ ਪ੍ਰਮੋਦ ਸਿੰਗਲਾ, ਡਾਕਟਰ ਨਤੀਸ਼ ਕੋਹਲੀ, ਪੀ.ਆਰ.ਓ. ਗੁਲਸ਼ਨ ਸ਼ਰਮਾ ਅਤੇ ਹੋਰ ਸਹਾਇਕ ਸਟਾਫ ਨੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਅਤੇ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰੋਗਰਾਮ ਅਫ਼ਸਰ ਪ੍ਰੋ. (ਡਾ.) ਕਮਲਜੀਤ ਸਿੰਘ ਅਤੇ ਐਨ.ਐਸ.ਐਸ. ਵਲੰਟਰੀਅਰਾਂ ਨੇ ਮਰੀਜ਼ਾਂ ਅਤੇ ਡਾਕਟਰਾਂ ਵਿੱਚ ਕੜੀ ਦਾ ਕੰਮ ਕੀਤਾ। ਉਹਨਾਂ ਨੇ ਮਰੀਜ਼ਾਂ ਦੀ ਸਹਾਇਤਾ ਕੀਤੀ ਤਾਂ ਜੋ ਉਹਨਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਯੋਗ ਸੇਵਾਵਾਂ ਮਿਲ ਸਕਣ। ਇਸ ਕੈਂਪ ਵਿੱਚ ਲੋੜਵੰਦ ਮਰੀਜਾਂ ਨੂੰ ਕਲੱਬ ਦੇ ਰੈਫਰ ਕਰਨ ’ਤੇ ਪਟੇਲ ਹਸਪਤਾਲ ਵਿੱਚ ਟੈਸਟਾਂ ਦੀ ਫੀਸ ’ਤੇ 50% ਛੋਟ ਵੀ ਦਿੱਤੀ ਜਾਵੇਗੀ। ਪ੍ਰਬੰਧਕਾਂ ਵਲੋਂ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ।
