ਸਾਰੀਆਂ ਪਾਰਟੀਆਂ ਦੂਜੇ ਨੰਬਰ ਤੇ ਆਉਣ ਦੀ ਲੜਾਈ ਲੜ ਰਹੀਆਂ ਹਨ, ਆਪਣੀ ਤਾਂ ਜਿੱਤ ਪੱਕੀ ਹੈ – ਮੀਤ ਹੇਅਰ

ਭਵਾਨੀਗੜ੍ਹ (ਵਿਜੈ ਗਰਗ) ਇੱਥੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਮੀਟਿੰਗ ਕੀਤੀ। ਉਨ੍ਹਾਂ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਮੀਤ ਹੇਅਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਸਰਕਾਰ ਦੇ ਸੀਮਤ ਸਮੇਂ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਦੇ ਅਧਾਰ ਤੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਿਰਫ ਦੋ ਸਾਲਾਂ ਦੇ ਸਮੇਂ ਵਿੱਚ ਹੀ ਜਿੱਥੇ ਘਰਾਂ ਦੇ ਬਿਜਲੀ ਬਿੱਲ ਮੁਆਫ ਕਰਨ ਵਰਗੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਗਿਆ ਹੈ, ਉਥੇ ਨਾਲ ਹੀ ਖੇਤਾਂ ਨੂੰ ਨਹਿਰੀ ਪਾਣੀ ਦੇਣ, ਪ੍ਰਾਈਵੇਟ ਥਰਮਲ ਪਲਾਂਟ ਨੂੰ ਸਰਕਾਰੀ ਹੱਥਾਂ ਵਿੱਚ ਲੈਣ ਵਰਗੇ ਵੱਡੇ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਨੀਵਾਂ ਦਿਖਾਉਣ ਵਾਲੇ ਬਿਆਨਾਂ ਕਾਰਣ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਵਿੱਚ ਨਿਰਾਸ਼ਤਾ ਫੈਲ ਗਈ ਹੈ। ਹਾੜੀ ਦਾ ਸੀਜਨ ਖਤਮ ਹੋਣ ਵਾਲਾ ਹੈ ਅਤੇ ਹਰ ਰੋਜ 30-35 ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ। ਪਿਛਲੀ ਜਿਮਨੀ ਚੋਣ ਵਿੱਚ ਖੁਸ ਗਈ ਸੰਗਰੂਰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਮੀਤ ਹੇਅਰ ਨੇ ਕਿਹਾ ਕਿ ਲੜਾਈ ਤਾਂ ਦੂਜੇ ਨੰਬਰ ਤੇ ਆਉਣ ਦੀ ਕਾਂਗਰਸ, ਸਿਮਰਨਜੀਤ ਸਿੰਘ, ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਵਿਚ ਹੈ ਸਾਡੀ ਤਾਂ ਜਿੱਤ ਪੱਕੀ ਹੈ। ਉਹਨਾਂ ਕਿਹਾ ਕਿ ਇਕੱਲਾ ਮੀਤ ਹੇਅਰ ਸੰਗਰੂਰ ਲੋਕ ਸਭਾ ਹਲਕੇ ਦਾ ਜੰਮਪਲ ਹੈ, ਬਾਕੀ ਸਭ ਬਾਹਰਲੇ ਉਮੀਦਵਾਰ ਹਨ। ਪੱਲੇਦਾਰਾਂ ਦਾ ਮਸਲਾ ਜਲਦੀ ਹੱਲ ਕੀਤਾ ਜਾਵੇਗਾ ਕਿਉਂਕਿ ਸਰਕਾਰ ਪੱਧਰ ’ਤੇ ਅਤੇ ਫਾਇਨਾਸ ਮਨਿਸ਼ਟਰ ਦੀਆਂ ਮੀਟਿੰਗਾਂ ਪੱਲੇਦਾਰਾਂ ਨਾਲ ਹੋ ਚੁੱਕੀਆਂ ਹਨ। ਪੱਲੇਦਾਰਾਂ ਦਾ ਰੇਟ ਵਧਾਉਣ ਦਾ ਮਸਲਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ ਕਿਉਂਕਿ ਰੇਟ ਵਧਾਉਣ ਦਾ ਕੰਮ ਕੇਂਦਰ ਸਰਕਾਰ ਦਾ ਹੈ। ਲੋਕਾਂ ਪੰਜ ਸਾਲ ਲਈ ਸਰਕਾਰ ਬਣਾਈ ਹੈ ਇਸ ਲਈ ਪੰਜ ਸਾਲਾਂ ਵਿਚ ਇਕ ਇਕ ਵਾਅਦਾ ਪੂਰਾ ਕੀਤਾ ਜਾਵੇਗਾ। ਅਸੀਂ ਉਹ ਕੰਮ ਵੀ ਕੀਤੇ ਹਨ ਜਿਹੜੇ ਅਸੀਂ ਲੋਕਾਂ ਨਾਲ ਵਾਅਦੇ ਵੀ ਨਹੀਂ ਕੀਤੇ ਸਨ। 77 ਸਾਲਾਂ ਵਿਚ ਕਿਸੇ ਵੀ ਸਰਕਾਰ ਦੀ ਇਹਨੀ ਕਮਾਈ ਨਹੀਂ ਵਧੀ ਜਿੰਨੀ ਆਪ ਦੀ ਸਰਕਾਰ ਵਿਚ ਵਧੀ ਹੈ। ਉਹਨਾਂ ਕਿਹਾ ਕਿ ਕਿਸੇ ਸਰਕਾਰ ਦੀ ਕਾਮਯਾਬੀ ਦਾ ਅੰਦਾਜਾ ਉਸਦੀ ਕਮਾਈ ਤੋਂ ਲਗਾਇਆ ਜਾ ਸਕਦਾ ਹੈ। ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਬਾਰੇ ਉਹਨਾਂ ਕਿਹਾ ਕਿ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੋਣ ਲੜ ਰਹੇ ਹਨ ਉਹਨਾਂ ਸਾਰਿਆਂ ਹਲਕਿਆਂ ਵਿਚ ਜਿਮਨੀ ਚੋਣ ਹੋਵੇਗੀ। ਇਸ ਮੌਕੇ ਇਕਬਾਲ ਸਿੰਘ ਬਾਲੀ ਗਰੇਵਾਲ, ਗੁਰਪ੍ਰੀਤ ਸਿੰਘ ਫੱਗੂਵਾਲਾ, ਗੁਰਤੇਜ ਸਿੰਘ ਕੌਂਸਲਰ, ਭੀਮ ਸਿੰਘ ਗਾੜੀਆ, ਪ੍ਰਦੀਪ ਮਿੱਤਲ, ਸ਼ਿੰਦਰਪਾਲ ਕੌਰ, ਨਿਰਮੈਲ ਸਿੰਘ ਬਲਿਆਲ ਹਾਜ਼ਰ ਸਨ।
