ਭਵਾਨੀਗੜ੍ਹ (ਵਿਜੈ ਗਰਗ)ਨੇੜਲੇ ਪਿੰਡ ਮੱਟਰਾਂ ਵਿਖੇ ਆਏ ਦਿਨ ਕਿਸਾਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ਦੇ ਸਟਾਰਟਰ ਅਤੇ ਗਰਿੱਪ ਚੋਰੀ ਹੋਣ ਕਾਰਨ ਕਿਸਾਨ ਡਾਹਢੇ ਪ੍ਰੇਸ਼ਾਨ ਹਨ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕਰਦਿਆਂ ਇਨਸਾਫ ਦੀ ਮੰਗ ਕੀਤੀ। ਕਿਸਾਨ ਜਗਤਾਰ ਸਿੰਘ, ਕਰਨਦੀਪ ਸਿੰਘ, ਬਲਵਿੰਦਰ ਸਿੰਘ, ਪ੍ਰਗਟ ਸਿੰਘ ਆਦਿ ਨੇ ਦੱਸਿਆ ਕਿ ਚੋਰ ਖੇਤਾਂ ਵਿਚ ਬਣੇ ਕਮਰਿਆਂ ਦੇ ਜਿੰਦਰੇ ਤੋੜ ਕੇ ਸਟਾਰਟਰ ਅਤੇ ਗਰਿੱਪ ਚੋਰੀ ਕਰਕੇ ਲੈ ਜਾਂਦੇ ਹਨ। ਜਿਸ ਕਾਰਨ ਹੁਣ ਤੱਕ ਪਿੰਡ ਮੱਟਰਾਂ ਦੇ 50 ਦੇ ਕਰੀਬ ਕਿਸਾਨਾਂ ਦੇ ਖੇਤਾਂ ਵਿਚ ਚੋਰੀਆਂ ਹੋ ਚੁੱਕੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਉਹ ਰਾਤ ਨੂੰ ਖੇਤ ਵਿਚ ਵੀ ਨਹੀਂ ਸੌ ਸਕਦੇ ਕਿਉਂਕਿ ਚੋਰਾਂ ਕੋਲ ਹਥਿਆਰ ਵੀ ਬਹੁਤ ਖਤਰਨਾਕ ਹੁੰਦੇ ਹਨ। ਇਕੱਲਾ ਬੰਦਾ ਚੋਰਾਂ ਨਾਲ ਮੁਕਾਬਲਾ ਵੀ ਨਹੀਂ ਕਰ ਸਕਦਾ। ਇਸ ਸਬੰਧੀ ਕਈ ਵਾਰ ਸਰਕਾਰੇ ਦਰਬਾਰੇ ਬੇਨਤੀ ਕਰ ਚੁੱਕੇ ਹਨ। ਇਕੱਲਾ ਕਿਸਾਨ ਜੇਕਰ ਚੋਰਾਂ ਨੂੰ ਖੇਤਾਂ ਵਿਚ ਮਿਲ ਜਾਵੇ ਤਾਂ ਇਹ ਵਿਅਕਤੀ ਦੀ ਲੁੱਟ ਖੋਹ ਵੀ ਕਰਦੇ ਹਨ ਅਤੇ ਕੁੱਟਮਾਰ ਵੀ ਕਰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਇਹ ਚੋਰ ਜਰੂਰ ਨਸ਼ੇੜੀ ਕਿਸਮ ਦੇ ਆਦਮੀ ਹਨ ਜਿਹੜੇ ਆਪਣੀ ਨਸ਼ੇ ਦੀ ਲੱਤ ਪੂਰੀ ਕਰਨ ਲਈ 8-9 ਹਜਾਰ ਰੁਪਏ ਦਾ ਸਮਾਨ ਸਿਰਫ ਕੁਝ ਰੁਪਇਆਂ ਵਿਚ ਹੀ ਕਬਾੜ ਦੇ ਭਾਅ ਵੇਚਕੇ ਆਪਣਾ ਗੁਜਾਰਾ ਕਰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਬੀਤੇ ਕੱਲ ਤਾਂ ਸਾਡੇ ਵਿਚ ਨਸ਼ੇੜੀਆਂ ਦੀ ਆਪਸ ਵਿਚ ਵੱਡੀ ਲੜਾਈ ਵੀ ਹੋ ਚੁੱਕੀ ਹੈ। ਇਕ ਹੋਰ ਕਿਸਾਨ ਦੱਸਿਆ ਕਿ ਇਕ ਸਟਾਰਟਰ ਦੀ ਕੀਮਤ 8 ਤੋਂ 9 ਹਜਾਰ ਹੈ, ਮੇਰੀਆਂ ਦੋਨੋਂ ਮੋਟਰਾਂ ਤੋਂ ਚੋਰੀ ਹੋ ਚੁੱਕੀ ਹੈ ਜਿਸ ਕਾਰਨ ਉਸਦਾ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਅਤੇ ਪਿਆਜ ਦੀ ਫਸਲ ਸੁੱਕਣ ਕਿਨਾਰੇ ਹੈ। ਕਿਸਾਨ ਨੇ ਦੱਸਿਆ ਕਿ ਮਹਿੰਗਾਈ ਦਾ ਸਮਾਂ ਹੈ, ਉਸਨੇ ਇਕ ਸਟਾਰਟਰ ਤਾਂ ਨਵਾਂ ਲਿਆਂਦਾ ਹੈ ਅਤੇ ਇਕ ਮੋਟਰ ਤੇ ਅਜੇ ਲਗਾਉਣਾ ਹੈ। ਇਕ ਹਫਤੇ ਵਿਚ ਇਹ ਪੰਜਵੀਂ ਵਾਰਦਾਤ ਹੈ। ਕਿਸਾਨ ਨੇ ਦੱਸਿਆ ਕਿ ਜਿਹੜੀਆਂ ਮੋਟਰਾਂ ਤੇ ਚੋਰੀਆਂ ਹੋਈਆਂ ਹਨ ਇਹ ਸਾਰੀਆਂ ਮੋਟਰਾਂ ਸੂਏ ਦੇ ਨੇੜਲੇ ਖੇਤਾਂ ਦੀਆਂ ਹਨ।