August 7, 2025
#Punjab

ਸਿਹਤ ਵਿਭਾਗ ਭਦੋੜ ਵੱਲੋਂ ਕੌਮੀ ਡੇਂਗੂ ਦਿਵਸ ਮਨਾਇਆ ਗਿਆ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸਰਮਾ ਦੇ ਦਿਸਾ-ਨਿਰਦੇਸ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਤਪਾ ਡਾ.ਨਵਜੋਤ ਪਾਲ ਸਿੰਘ ਭੁੱਲਰ ਤੇ ਸੀਨੀਅਰ ਮੈਡੀਕਲ ਅਫਸਰ ਭਦੌੜ ਡਾ.ਰੂਬੀ ਦੀ ਅਗਵਾਈ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਡੇਂਗੂ ਬੁਖਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਡੈਂਗੂ ਸਬੰਧੀ ਜਾਗਰੂਕ ਕੀਤਾ ਗਿਆ।ਤੇ ਸਲੱਮ ਏਰੀਆਂ ਵਿੱਚ ਡੈਂਗੂ ਸਬੰਧੀ ਫੀਵਰ ਸਰਵੇ ਕੀਤਾ ਗਿਆ । ਇਸ ਮੌਕੇ ਹੈਲਥ ਸੁਪਰਵਾਈਜ਼ਰ ਸ੍ਰੀ ਗਿਆਨ ਸਿੰਘ ਤੇ ਮਲਟੀਪਰਪਜ ਹੈਲਥ ਵਰਕਰ ਬਲਜਿੰਦਰ ਪਾਲ ਸਿੰਘ ਵਲੋ ਜਾਣਕਾਰੀ ਦਿੱਤੀ ਗਈ।ਕਿਡੇਂਗੂ ਦਾ ਸੰਚਾਰਿਤ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਵਿੱਚ ਡੇਂਗੂ ਦੇ ਕੰਟਰੋਲ, ਬਚਾਅ ਦੇ ਇਲਾਜ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਅਤੇ ਡੇਂਗੂ ਬਾਰੇ ਹੋਰ ਜ਼ਿਆਦਾ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਰ ਸਾਲ 16 ਮਈ ਨੂੰ ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ।ਡੇਂਗੂ ਦਾ ਇਲਾਜ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਾਣਕਾਰੀ ਦੀ ਘਾਟ ਕਾਰਣ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ। ਡੇਂਗੂ ਤੋਂ ਪੀੜਤ ਮਰੀਜ਼ਾਂ ਵਿੱਚੋਂ ਇੱਕ ਤੋਂ ਲੈ ਕੇ ਪੰਜ ਫੀਸਦੀ ਦੀ ਇਲਾਜ ਨਾ ਹੋਣ ਕਰਕੇ ਮੌਤ ਹੋ ਜਾਂਦੀ ਹੈ।ਡੇਂਗੂ ਇੱਕ ਵਾਇਰਲ ਬੁਖਾਰ ਹੈ। ਇਹ ਏਡੀਜ਼ ਏਜੀਪੱਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਏਡੀਜ਼ ਏਜੀਪੱਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ। ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਡੇਂਗੂ ਵਾਇਰਸ ਮੱਛਰ ਦੀ ਲਾਰ ਨਾਲ ਉਸ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਹ ਵਾਇਰਸ ਵਿਅਕਤੀ ਦੇ ਵ੍ਹਾਈਟ ਬਲੱਡ ਸੈਲਜ਼ ਨਾਲ ਜੁੜ ਕੇ ਅੰਦਰ ਚਲਾ ਜਾਂਦਾ ਹੈ। ਜਦੋਂ ਬਲੱਡ ਸੈਲਜ਼ ਸਰੀਰ ਵਿੱਚ ਇਧਰ-ਉਧਰ ਜਾਂਦੇ ਹਨ ਤਾਂ ਵਾਇਰਸ ਆਪਣੇ ‘ਅੰਸ਼’ ਪੈਦਾ ਕਰਦਾ ਹੈ, ਜਿਸ ਨਾਲ ਡੇਂਗੂ ਰੋਗ ਹੋ ਜਾਂਦਾ ਹੈ ਅਤੇ ਵਿਅਕਤੀ ਬੁਖਾਰ, ਫਲੂ ਵਰਗੇ ਲੱਛਣਾਂ ਅਤੇ ਗੰਭੀਰ ਦਰਦ ਤੋਂ ਪੀੜਤ ਹੋ ਜਾਂਦਾ ਹੈ।ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ ਬੁਖਾਰ, ਸਿਰਦਰਦ, ਚਮੜੀ ਤੇ ਲਾਲ ਦਾਣੇ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹਨ।ਡੇਂਗੂ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਦੇ ਲਈ ਜਾਂ ਤਾਂ ਮੱਛਰਾਂ ਦੇ ਲਾਰਵਾ ਉੱਤੇ ਜਾਂ ਬਾਲਗ ਮੱਛਰਾਂ ਦੀ ਆਬਾਦੀ ਉੱਤੇ ਕੰਟਰੋਲ ਕਰਨਾ ਪੈਂਦਾ ਹੈ। ਏਡੀਜ਼ ਮੱਛਰ ਟਾਇਰਾਂ, ਬੋਤਲਾਂ, ਕੂਲਰਾਂ, ਗੁਲਦਸਤਿਆਂ ਆਦਿ ਵਿੱਚ ਖੜ੍ਹੇ ਪਾਣੀ ਵਿੱਚ ਫੈਲਦੇ ਹਨ, ਇਸ ਲਈ ਇਨ੍ਹਾਂ ਨੂੰ ਅਕਸਰ ਹਰ ਹਫਤੇ ਖਾਲੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਮੱਛਰਾਂ ਦਾ ਲਾਰਵਾ ਕੰਟਰੋਲ ਹੋਵੇਗਾ।ਇਸ ਤੋਂ ਇਲਾਵਾ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀਆਂ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਪੂਰੇ ਕਪੜੇ ਪਹਿਨਣੇ ਚਾਹੀਦੇ ਹਨ। ਪੂਰੀ ਤਰਾਂ ਸਰੀਰ ਦੇ ਹਿੱਸਿਆਂ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਣ ਕੇ ਰੱਖਣੇ ਚਾਹੀਦੇ ਹਨ। ਪਾਣੀ ਨੂੰ ਇੱਕ ਜਗ੍ਹਾ ਇਕੱਠਾ ਖੜਾ ਨਾ ਹੋਣ ਦੇਵੋ। ਆਮ ਤੌਰ ਤੇ ਮੱਛਰਾਂ ਦੇ ਪ੍ਰਜਨਣ ਦਾ ਸਥਾਨ ਪਲਾਸਟਿਕ ਦੇ ਭਾਂਡੇ, ਬਾਲਟੀਆਂ, ਮੋਟਰ-ਗੱਡੀਆਂ ਦੇ ਟਾਇਰ, ਵਾਟਰ ਕੂੱਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਅਤੇ ਗਮਲੇ ਹਨ। ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਇਨ੍ਹਾਂ ਨੂੰ ਸਾਫ਼ ਕੀਤਾ ਜਾਵੇ। ਸਿਹਤ ਵਿਭਾਗ ਦੇ ਨਿਰਦੇਸ਼ ਅਨੁਸਾਰ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ।ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਕੌਮੀ ਡੇਂਗੂ ਦਿਵਸ ਉੱਤੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਲੈ ਕੇ ਖੁਦ ਜਾਗਰੂਕ ਹੋਣ ਅਤੇ ਇਸ ਬਿਮਾਰੀ ਨਾਲ ਲੜਣ ਲਈ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਡੇਂਗੂ ਬੁਖਾਰ ਦੀ ਰੋਕਥਾਮ ਵਿੱਚ ਪੂਰਨ ਸਹਿਯੋਗ ਕਰਨ। ਤਾਂ ਕਿ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਇਸ ਨਾਮੁਰਾਦ ਬੀਮਾਰੀ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ।

Leave a comment

Your email address will not be published. Required fields are marked *