ਅੱਧੀ ਰਾਤ ਨੂੰ ਮੁਹੱਲਿਆਂ, ਕਲੋਨੀਆਂ ਵਿਚ ਲੁਟੇਰੇ, ਚੋਰਾਂ ਦੇ ਗੈਗ ਸਰਗਰਮ, ਪੁਲਿਸ ਕਹਿੰਦੀ ਸਟਾਫ਼ ਹੈ ਨਹੀਂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਸ਼ਹਿਰ ਵਾਸੀ ਸ਼ਹਿਰ ਅੰਦਰ ਹੋ ਰਹੀਆਂ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਡਰੇ ਤੇ ਸਹਿਮੇ ਹੋਏ ਹਨ। ਲੁਟੇਰੇ ਤੇ ਚੋਰਾਂ ਦੇ ਗੈਗ ਅੱਧੀ ਰਾਤ ਨੂੰ ਮੁਹੱਲਿਆਂ ਤੇ ਕਲੋਨੀਆਂ ਵਿਚ ਤੁਰੇ ਫਿਰਦੇ ਹਨ। ਬੀਤੀ ਰਾਤ 4 ਮੋਟਰਸਾਇਕਲ ਚੋਰ ਮੁਹੱਲਾ ਦਸ਼ਮੇਸ਼ ਨਗਰ, ਮਾਡਲ ਟਾਊਨ, ਰਵਿਦਾਸ ਚੌਕ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਦੇਖੇ ਗਏ। ਇਹ ਚੋਰ ਲੋਕਾਂ ਦੇ ਘਰਾ ਵਿਚ ਬੈਟਰੀਆਂ ਮਾਰ ਕੇ ਦੇਖਦੇ ਹਨ। ਜੇਕਰ ਘਰ ਖਾਲੀ ਲੱਗਦਾ ਹੈ ਤਾਂ ਉਸ ਘਰ ਵਿਚ ਵਾਰਦਾਤ ਨੂੰ ਅੰਜ਼ਾਮ ਦੇੇ ਚਲੇ ਜਾਂਦੇ ਹਨ। ਇਸ ਮਹੀਨੇ ਵਿਚ ਲੁਟੇਰਿਆਂ ਤੇ ਚੋਰਾਂ ਨੇ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਪਰ ਪੁਲਿਸ ਸ਼ਿਕਾਇਤ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਫੜ ਨਹੀਂ ਸਕੀ। ਕਦੀ ਲੁਟੇਰੇ ਪੈਟਰੋਲ ਪੰਪ ਲੁੱਟ ਲੈਂਦੇ ਨੇ ਕਦੀ ਬਾਹਰ ਖੜੀਆਂ ਗੱਡੀਆਂ ਵਿੱਚੋਂ ਤੇਲ, ਡੀਜ਼ਲ ਕੱਢ ਕੇ ਲੈ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਸ ਦੀ ਸ਼ਿਕਾਇਤ ਥਾਣੇ ਦੇਣ ਜਾਂਦੇ ਹਨ ਤਾਂ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ ਸਟਾਫ਼ ਹੈ ਨਹੀਂ। ਜਿੰਨਾ ਹੈਗਾ ਉਹ ਇਲੈਕਸ਼ਨ ਦੀ ਡਿਊਟੀ ਤੇ ਚਲਿਆ ਜਾਂਦਾ ਹੈ। ਇਸ ਕਰਕੇ ਇਨ੍ਹਾਂ ਲੁਟੇਰਿਆਂ ਤੇ ਚੋਰਾਂ ਦੇ ਹੌਸਲੇ ਬੁਲੰਦ ਹੋਈ ਜਾ ਰਹੇ ਹਨ। ਸ਼ਹਿਰ ਵਾਸੀਆਂ ਨੇ ਜਲੰਧਰ ਦੇ ਐੱਸ. ਐੱਸ. ਪੀ ਤੋਂ ਮੰਗ ਕੀਤੀ ਹੈ ਕਿ ਨੂਰਮਹਿਲ ਥਾਣੇ ਵਿਚ ਹੋਰ ਪੁਲਿਸ ਮੁਲਾਜ਼ਮ ਭੇਜੇ ਜਾਣ ਤਾਂ ਜੋ ਇਨ੍ਹਾਂ ਚੋਰਾਂ ਤੇ ਲੁਟੇਰਿਆਂ ਨੂੰ ਨੱਥ ਪਾਈ ਜਾ ਸਕੇ।
