ਟਰੱਕ ਨੇ ਦਰੜੀ ਨੌਜਵਾਨ ਲੜਕੀ ਮੌਕੇ ਤੇ ਹੋਈ ਮੌਤ

ਭਵਾਨੀਗੜ੍ਹ (ਵਿਜੈ ਗਰਗ) ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਉੱਪਰ ਬਲਿਆਲ ਰੋਡ ਕੱਟ ਨਜ਼ਦੀਕ ਸਵੇਰੇ ਹਾਈਵੇ ਪਾਰ ਕਰਦੇ ਸਮੇਂ ਗਰੀਬ ਵਰਗ ਨਾਲ ਸਬੰਧਤ ਇਕ ਨੌਜਵਾਨ ਲੜਕੀ ਨੂੰ ਇਕ ਟਰੱਕ ਵੱਲੋਂ ਦਰੜ ਦੇਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਬਬਲੀ ਕੌਰ ਪੁੱਤਰ ਨਾਹਰ ਸਿੰਘ ਵਾਸੀ ਰਵੀਦਾਸ ਕਲੋਨੀ ਸਵੇਰੇ ਜਦੋਂ ਬਲਿਆਲ ਰੋਡ ਕੱਟ ਨੇੜਿਓਂ ਹਾਈਵੇ ਪਾਰ ਕਰਨ ਲੱਗੀ ਤਾਂ ਬਲਿਆਲ ਰੋਡ ਸਾਈਡ ਤੋਂ ਹੀ ਕਣਕ ਦੀਆਂ ਬੋਰੀਆਂ ਨਾਲ ਭਰ ਕੇ ਆਏ ਇਕ ਟਰੱਕ ਦੇ ਚਾਲਕ ਨੇ ਟਰੱਕ ਨੂੰ ਹਾਈਵੇ ਉੱਪਰ ਚੜਾਉਂਦੇ ਸਮੇਂ ਉਕਤ ਲੜਕੀ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਟਰੱਕ ਦਾ ਡਰਾਇਵਰ ਸਾਈਡ ਦਾ ਅਗਲਾ ਟਾਈਰ ਲੜਕੀ ਦੇ ਸਿਰ ਉੱਪਰੋਂ ਲੰਘ ਜਾਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਟਰੱਕ ਤੇ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
