ਸੁੱਤੇ ਪਏ ਪਰਿਵਾਰ ਦੇ ਘਰ ਵਿਚੋਂ ਲੱਖਾਂ ਰੁਪਏ ਦਾ ਸੋਨਾ ਤੇ ਸਮਾਨ ਚੋਰੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਬੀਤੀ ਰਾਤ ਪਿੰਡ ਸੈਦਪੁਰ ਝਿੜੀ ਵਿਖੇ ਚੋਰਾਂ ਨੇ ਇੱਕ ਘਰ ਵਿਚੋਂ ਲੱਖਾਂ ਰੁਪਏ ਦੇ ਗਹਿਣੇ, ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੈਦਪੁਰ ਝਿੜੀ (ਸ਼ਾਹਕੋਟ) ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ ਦੇ ਅੰਦਰ ਸੁੱਤੇ ਪਏ ਸਨ। ਸਵੇਰੇ ਕਰੀਬ 5 ਵਜੇ ਉੱਠ ਕੇ ਦੇਖਿਆ ਤਾਂ ਘਰ ਦੇ ਕਮਰਿਆਂ ਦੇ ਦਰਵਾਜੇ ਖੁੱਲ੍ਹੇ ਪਏ ਸਨ ਅਤੇ ਅਲਮਾਰੀਆਂ ਦੇ ਲਾਕਰ ਟੁੱਟੇ ਹੋਏ ਸਨ। ਚੋਰਾਂ ਅਲਮਾਰੀਆਂ ’ਚੋਂ 2 ਤੋਲੇ ਸੋਨੇ ਦਾ ਸੈੱਟ, ਸਵਾ 2 ਤੋਲੇ ਸੋਨੇ ਦਾ ਸੈੱਟ, ਇੱਕ ਸਵਾ 2 ਤੋਲੇ ਸੋਨੇ ਦਾ ਬਰੈਸਲੇਟ, ਇੱਕ ਤੋਲੇ ਸੋਨੇ ਦਾ ਬਰੈਸਲੇਟ, ਇੱਕ ਤੋਲੇ ਸੋਨੇ ਦੀ ਚੈਨ, ਤਿੰਨ ਗ੍ਰਾਮ ਸੋਨੇ ਦੇ ਖੰਡਾ, ਇੱਕ ਤੋਲੇ ਸੋਨੇ ਦੀਆਂ 2 ਮੁੰਦਰੀਆਂ, 6 ਤੋਲੇ ਚਾਂਦੀ ਦਾ ਕੜਾ, 2 ਮੋਬਾਇਲ ਫੋਨ ਅਤੇ 15 ਸੌ ਰੁਪਏ ਦੀ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰਨ ’ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਅਮਨ ਸੈਣੀ ਮੌਕੇ ’ਤੇ ਪੁੱਜੇ ਅਤੇ ਚੋਰਾਂ ਦੀ ਭਾਲ ਸ਼ੁਰੂ ਕੀਤੀ।
