August 7, 2025
#National

ਨੌਜਵਾਨਾਂ ਦਾ ਭਵਿੱਖ ਸੁਨਿਹਰੀ ਬਣਾ ਰਿਹਾ ਵਾਟਰ ਸਪੋਰਟਸ ਸੈਂਟਰ – ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਂਈ ਕਿਨਾਰੇ ਚਲਾਏ ਜਾ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨੂੰ 9 ਨਵੀਆਂ ਕਿਸ਼ਤੀਆਂ ਮਿਲੀਆ ਹਨ। ਇੰਨ੍ਹਾਂ ਨਵੀਂਆਂ ਲਿਆਂਦੀਆਂ ਕਿਸ਼ਤੀਆਂ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਇੰਨ੍ਹਾਂ 9 ਨਵੀਆਂ ਕਿਸ਼ਤੀਆਂ ਲਈ ਵੱਡਾ ਯੋਗਦਾਨ ਇੰਗਲੈਂਡ ਵਿੱਚ ਰਹਿ ਰਹੇ ਐਨ.ਆਰ.ਆਈ ਮੋਤਾ ਸਿਘ ਸਰਾਏ ਨੇ ਪਾਇਆ ਹੈ। ਸ. ਮੋਤਾ ਸਿੰਘ ਸਰਾਏ ਪੰਜਾਬੀ ਸੱਥ ਰਾਹੀ ਵੀ ਪਿਛਲੇ ਲੰਬੇ ਸਮੇਂ ਤੋਂ ਕਾਰਸੇਵਾ ਸਮੇਤ ਹੋਰ ਕਈ ਕਾਰਜਾਂ ਵਿੱਚ ਹਿੱਸਾ ਪਾਉਂਦੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2014 ਤੋਂ ਪਵਿੱਤਰ ਵੇਈਂ ਵਿੱਚ ਚੱਲ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਪੰਜਾਬ ਦਾ ਪਹਿਲਾ ਸੈਂਟਰ ਹੈ ਜਿੱਥੇ ਖਿਡਾਰੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਹੋਇਆ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਵਾਟਰ ਸਪੋਰਟਸ ਸੈਂਟਰ ਹੁਣ ਤੱਕ ਕਈ ਨੌਜਵਾਨਾਂ ਦਾ ਸੁਨਿਹਰੀ ਭਵਿੱਖ ਬਣਾ ਚੁੱਕਾ ਹੈ ਤੇ ਇਸ ਸੈਂਟਰ ਤੋਂ ਸਿਖਲਾਈ ਲੈ ਕੇ ਹੁਣ ਤੱਕ ਕਈ ਖਿਡਾਰੀ ਨੌਕਰੀਆਂ ਤੇ ਲੱਗ ਗਏ ਹਨ। ਉਹਨਾਂ ਦੱਸਿਆ ਕਿ ਇਸ ਸੈਂਟਰ ਦੇ ਬੱਚੇ ਲਗਾਤਾਰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਪ੍ਰਾਪਤ ਕਰ ਰਹੇ ਹਨ ਤੇ ਇਸ ਸੈਂਟਰ ਦਾ ਨਾਮ ਰੋਸ਼ਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹ ਸੈਂਟਰ ਹੁਣ ਤੱਕ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਹੁਣ ਇਸ ਸੈਂਟਰ ਵਿੱਚ 29 ਛੋਟੀਆਂ ਕਿਸ਼ਤੀਆਂ ਤੇ 3 ਡਰੈਗਨ ਕਿਸ਼ਤੀਆਂ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਲ 2014 ਤੋਂ ਇਹ ਸੈਂਟਰ ਸਫਲਤਾਪੂਰਵਕ ਚੱਲ ਰਿਹਾ ਹੈ ਜਿੱਥੇ ਖਿਡਾਰੀਆਂ ਨੂੰ ਮੁਫ਼ਤ ਵਿੱਚ ਟ੍ਰੈਨਿੰਗ, ਰਿਹਾਇਸ਼ ਤੇ ਖਾਣਾ ਪੀਣਾ ਦਿੱਤਾ ਜਾ ਰਿਹਾ ਹੈ। ਜਦ ਕਿ ਹੋਰ ਥਾਵਾਂ ਤੇ ਕਿਸ਼ਤੀ ਦੌੜਾਂ ਲਈ ਦਿੱਤੀ ਜਾਣ ਵਾਲੀ ਟ੍ਰੈਨਿੰਗ ਕਾਫੀ ਮਹਿੰਗੀ ਹੈ, ਜਿਸ ਕਾਰਨ ਗਰੀਬ ਵਰਗ ਦੇ ਖਿਡਾਰੀ ਇਹ ਸਿਖਲਾਈ ਲੈਣ ਤੋਂ ਵਾਂਝੇ ਰਹਿ ਜਾਂਦੇ ਸੀ।

Leave a comment

Your email address will not be published. Required fields are marked *