ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਸੰਤ ਸੀਚੇਵਾਲ ਨੇ ਕੀਤਾ ਤਿੰਨ ਪਿੰਡਾਂ ਦਾ ਦੌਰਾ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਹਿਰੀ ਪਾਣੀ ਖੇਤਾਂ ਨੂੰ ਲੱਗਦਾ ਕਰਨ ਲਈ ਤਿੰਨ ਪਿੰਡਾਂ ਦਾ ਦੌਰਾ ਕੀਤਾ। ਕਪੂਰਥਲਾ ਜਿਲ੍ਹੇ ਵਿੱਚ ਪੈਂਦੇ ਇਹ ਤਿੰਨ ਪਿੰਡ ਖਾਨੋਵਾਲ, ਥਿੱਗਲੀ ਅਤੇ ਸਿੱਧਵਾਂ ਦੋਨਾ ਨੂੰ ਇੱਬਣ ਮਾਈਨਰੀ ਤੋਂ ਪਾਣੀ ਲੱਗ ਸਕਦਾ ਹੈ। ਸਿੱਧਵਾਂ ਪਿੰਡ ਵਿੱਚ ਬਿਸਤ ਦੁਆਬ ਵਿੱਚ ਨਿਕਲਦੀ ਜਲੰਧਰ ਨਹਿਰ ਦੀ ਇੱਬਣ ਮਾਈਨਰੀ ਦਾ ਬਹੁਤ ਸਾਰਾ ਹਿੱਸਾ ਪੱਕਾ ਨਹੀਂ ਹੈ। ਇਸ ਕੱਚੀ ਨਹਿਰ ਦੇ ਨੇੜਲੇ ਪਿੰਡਾਂ ਵਾਲਿਆਂ ਨੇ ਇਸ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਗੰਦਗੀ ਨਾਲ ਭਰੀ ਇਸ ਛੋਟੀ ਨਹਿਰ ਬਾਰੇ ਪਿੰਡ ਦੇ ਲੋਕਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦੱਸਿਆ ਕਿ ਕਿਵੇਂ ਇਸ ਨਹਿਰ ਦਾ ਪਾਣੀ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾੳਦਾ ਆ ਰਿਹਾ ਹੈ। ਇਸੇ ਤਰ੍ਹਾਂ ਖਾਨੋਵਾਲ ਦੇ ਇੱਕਠੇ ਹੋਏ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਖੇਤਾਂ ਨੂੰ ਵੀ ਨਹਿਰੀ ਪਾਣੀ ਲੱਗਦਾ ਕੀਤਾ ਜਾਵੇ। ਉਨ੍ਹਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਕੋਲੋ ਮੋਘਿਆਂ ਦੀ ਮੰਗ ਕੀਤੀ। ਕਿਸਾਨਾਂ ਨੇ ਦੱਸਿਆ ਕਿ ਉਹ ਨਹਿਰੀ ਪਾਣੀ ਵਰਤਣ ਨੂੰ ਤਰਜੀਹ ਦੇਣ ਲਈ ਤਿਆਰ ਹਨ ਬਸ਼ਰਤੇ ਉਨ੍ਹਾਂ ਨੂੰ ਮੋਘਿਆਂ ਦੀ ਸਹੂਲਤ ਦਿੱਤੀ ਜਾਵੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਨਹਿਰੀ ਪਾਣੀ ਦੀ ਮੰਗ ਕਰਦੀਆਂ ਅਰਜ਼ੀਆਂ ਸਿੰਚਾਈ ਵਿਭਾਗ ਨੂੰ ਦੇਣ ਤਾਂ ਜੋ ਉਨ੍ਹਾਂ ਦੇ ਖੇਤਾਂ ਲਈ ਮੋਘਿਆਂ ਦਾ ਪ੍ਰਬੰਧ ਪਹਿਲ ਦੇ ਅਧਾਰ ਤੇ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਿਸਾਨਾਂ ਦਾ ਕੋਈ ਖਰਚਾ ਵੀ ਨਹੀਂ ਆਵੇਗਾ। ਜ਼ਮੀਨਦੋਜ਼ ਪਾਈਪ ਪਾਉਣ ਲਈ 90 ਫੀਸਦੀ ਪੈਸਾ ਕੇਂਦਰ ਸਰਕਾਰ ਖਰਚ ਕਰਦੀ ਹੈ ਤੇ 10 ਫੀਸਦੀ ਖਰਚਾ ਪੰਜਾਬ ਸਰਕਾਰ ਚੁੱਕੇਗੀ। ਇਸ ਤਰ੍ਹਾਂ ਕਿਸਾਨਾਂ ਨੂੰ ਬਿਨ੍ਹਾਂ ਕੋਈ ਖਰਚਾ ਕੀਤਿਆਂ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਹੋ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਬਿਸਤ ਦੋਆਬ ਨਹਿਰ ਵਿੱਚ 1453 ਕਿਊਸਿਕ ਪਾਣੀ ਵਗਣ ਦੀ ਸਮਰੱਥਾ ਹੈ। ਇਹ ਪਾਣੀ ਦੋਆਬੇ ਦੇ ਹਿੱਸਾ ਦਾ ਹੈ ਪਰ ਕਿਸਾਨ ਨਹਿਰੀ ਪਾਣੀ ਦੀ ਥਾਂ ਧਰਤੀ ਹੇਠਲੇ ਪਾਣੀ ਨੂੰ ਮੋਟਰਾਂ ਲਾ ਕੇ ਵਰਤਣ ਨੂੰ ਤਰਜੀਹ ਦਿੰਦੇ ਆ ਰਹੇ ਹਨ, ਜਿਸ ਕਾਰਨ ਧਰਤੀ ਹੇਠਲੇ ਪਾਣੀ ਤੇ ਦਬਾਅ ਵੱਧ ਰਿਹਾ ਹੈ। ਇਸ ਮੌਕੇ ਪਹੁੰਚੇ ਸਿੰਚਾਈ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਲੰਬੀ ਪਾਈਪ ਲਾਈਨ ਪਾ ਕੇ ਭਾਣੋਲੰਗਾ ਡਰੇਨ ਨਾਲ ਇਸ ਮਾਈਨਰੀ ਨੂੰ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਤਜ਼ਵੀਜ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਇਸ ਦੇ ਅਮਲ ਵਿੱਚ ਆਉਣ ਨਾਲ ਦੋਨਾ ਇਲਾਕੇ ਦੇ ਇਸ ਵੱਡੇ ਹਿੱਸੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਹੋਣ ਵਿੱਚ ਮੱਦਦ ਮਿਲੇਗੀ ਅਤੇ ਵਾਧੂ ਪਾਣੀ ਪਵਿੱਤਰ ਵੇਈਂ ਵਿੱਚ ਭਾਣੋ ਲੰਗਾ ਡਰੇਨ ਰਾਹੀ ਵੀ ਜਾਵੇਗਾ।
