ਭਾਕਿਯੂ ਡਕੌਂਦਾ ਵਲੋਂ ਨਵੇਂ ਬਣੇ ਕਾਨੂੰਨਾਂ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ

ਭਵਾਨੀਗੜ੍ਹ (ਵਿਜੈ ਗਰਗ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਸੂਬਾ ਸੀ. ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਨਵੇਂ ਕਾਨੂੰਨਾਂ ਦੀ ਮਾਨਤਾ ਮੁੱਢ ਤੋਂ ਰੱਦ ਹੀ ਕੀਤੀ ਗਈ, ਨਵੇਂ ਬਣੇ ਕਾਨੂੰਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਐਲਾਨਿਆ ਗਿਆ। ਆਉਣ ਵਾਲੇ ਸਮੇਂ ਵਿਚ ਜਥੇਬੰਦੀ ਡਕੌਂਦਾ ਵਲੋਂ ਨਵੇਂ ਬਣੇ ਕਾਨੂੰਨਾਂ ਖਿਲਾਫ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿਚ ਸਿੰਥੈਟਿਕ ਡਰੱਗ (ਚਿੱਟਾ) ਦੀ ਵਰਤੋਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੇ ਅਫਸੋਸ ਪ੍ਰਗਟ ਕੀਤਾ। ਜਥੇਬੰਦੀ ਵਲੋਂ ਆਉਣ ਵਾਲੇ ਦਿਨਾਂ ਵਿਚ ਡੀ. ਸੀ. ਅਤੇ ਐਸ. ਐਸ. ਪੀ. ਸੰਗਰੂਰ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਨਸ਼ੇ ਦਾ ਇਲਾਕੇ ਵਿਚ ਬਹੁਤ ਜਿਆਦਾ ਪ੍ਰਭਾਵ ਹੋਣ ਕਾਰਨ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿਚ ਕਿਸਾਨ ਆਗੂ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਚਹਿਲ, ਟਹਿਲ ਸਿੰਘ ਫੁੰਮਣਵਾਲ, ਗੁਰਧਿਆਨ ਸਿੰਘ ਭੱਟੀਵਾਲ, ਦੇਵ ਸਿੰਘ ਝਨੇੜੀ, ਸੁਖਵੀਰ ਰਾਜੂ ਭੱਟੀਵਾਲ, ਮੱਖਣ ਸਿੰਘ ਅਕਬਰਪੁਰ, ਬੁੱਧ ਸਿੰਘ ਬਾਲਦ ਅਤੇ ਗੁਰਮੇਲ ਸਿੰਘ ਭੜੋ ਸਮੇਤ ਪਿੰਡਾਂ ਦੀਆਂ ਇਕਾਈਆਂ ਵੀ ਸ਼ਾਮਲ ਸਨ।
