ਲਾਇਨਜ਼ ਕਲੱਬ ਵੱਲੋਂ ਸ਼ਹਿਰ ਦੇ ਵੱਡੇ ਪਾਰਕ ਚ ਲਗਾਏ ਗਏ 20 ਬੂਟੇ

ਨਕੋਦਰ, ਲਾਇਨਜ਼ ਕਲੱਬ ਨਕੋਦਰ ਦੇ ਸਮੂਹ ਮੈਂਬਰਾਂ ਵੱਲੋਂ ਦੁਸਹਿਰਾ ਗਰਾਊਂਡ ਦੇ ਨਾਲ ਬਣੇ ਸ਼ਹਿਰ ਦੇ ਸਭ ਤੋਂ ਵੱਡੇ ਅਤੇ ਖੂਬਸੂਰਤ ਪਾਰਕ ’ਚ 20 ਬੂਟੇ ਲਗਾਏ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਪਨ ਸ਼ਰਮਾ ਨੇ ਕਿਹਾ ਕਿ ਧਰਤੀ ਦੇ ਵੱਧਦੇ ਤਾਪਮਾਨ ਜੋ ਆਉਣ ਵਾਲੇ ਸਮੇਂ ’ਚ ਸਮੁੱਚੀ ਮਾਨਵ ਜਾਤੀ ਲਈ ਤਬਾਹੀ ਦਾ ਕਾਰਨ ਬਣ ਸਕਦਾ ਹੈ,ਨੂੰ ਰੋਕਣ ਲਈ ਵੱਧ ਤੋਂ ਵੱਧ ਦਰੱਖਤਾਂ ਦਾ ਲਗਾਇਆ ਜਾਣਾ ਅਤੇ ਉਨ੍ਹਾਂ ਦੀ ਤਨਦੇਹੀ ਨਾਲ ਪਾਲਣਾ ਕਰਨੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਨੋ ਦਿਨ ਘੱਟ ਰਹੇ ਧਰਤੀ ਹੇਠਲੇ ਪਾਣੀ ਨੂੰ ਰੋਕਣ ਲਈ ਅਤੇ ਸਵੱਸਥ ਜੀਵਨ ਜਿਊਣ ਲਈ ਦਰੱਖਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਨਾਂ ਦਰੱਖਤਾਂ ਤੋਂ ਬਾਰਿਸ਼ ਅਸੰਭਵ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਵਰਗੇ ਅਨਮੋਲ ਖ਼ਜਾਨੇ ਦੀ ਘੱਟ ਤੋਂ ਘੱਟ ਦੁਰਵਰਤੋਂ ਕਰਨ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪਾਣੀ ਦੀ ਦੁਰਵਰਤੋਂ ਰੋਕਣ ਲਈ ਬਣਾਏ ਗਏ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਏ। ਇਸ ਮੌਕੇ ਤੇ ਕਲੱਬ ਦੇ ਸੈਕਟਰੀ ਕਮਲ ਜੈਨ, ਅਸ਼ੋਕ ਗਾਬਾ,ਪ੍ਰੇਮ ਪੋਪਲੀ ,ਰਵਿੰਦਰ ਟੱਕਰ ,ਸਾਬਕਾ ਐੱਮ.ਸੀ ਅਰੁਣ ਗੁਪਤਾ ,ਐੱਮ. ਸੀ ਰਮੇਸ਼ ਸੋਂਧੀ, ਐੱਮ. ਸੀ ਹਰੀਸ਼ ਸ਼ਰਮਾ, ਐੱਮ. ਸੀ ਬੱਗਾ ਮਹਾਜਨ, ਐਡਵੋਕੇਟ ਰਾਜੀਵ ਪੁਰੀ, ਕੁਲਵਿੰਦਰ ਗੋਗਨਾ, ਜਸਬੀਰ ਸਿੰਘ ਕਾਲਾ, ਰਾਜਾ, ਵਾਤਾਵਰਣ ਪ੍ਰੇਮੀ ਬੂਟਾ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਤੇ ਔਰਤਾਂ ਜਿਨ੍ਹਾਂ ’ਚ ਜਯੋਤੀ ਸ਼ਰਮਾ ਚੇਅਰਪਰਸਨ ਸੱਤਿਅਮ ਗਰੁੱਪ, ਸੁਨੀਤਾ ਗੋਗਨਾ, ਮੈਡਮ ਰਾਜ ਤੋਂ ਇਲਾਵਾ ਹੋਰ ਵੀ ਔਰਤਾਂ ਨੇ ਸ਼ਾਮਿਲ ਹੋਕੇ ਬੂਟੇ ਲਗਾਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਪੂਰੀ ਕੀਤੀ।
