ਕੰਨੀਆ ਖੁਰਦ ਵਿਖੇ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਗਹਿਣੇ ਤੇ ਨਕਦੀ ਕੀਤੀ ਚੋਰੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਪੁਲਿਸ ਵੱਲੋਂ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਅਤੇ ਚੋਰ ਲੁਟੇਰੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੰਨੀਆ ਖੁਰਦ ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਸੰਨ੍ਹ ਲਗਾ ਕੇ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਕੀਮਤੀ ਗਹਿਣੇ ਤੇ ਲੱਖਾਂ ਰੁਪਏ ਦੀ ਨਗਦੀ ਚੋਰੀ ਕਰ ਲਈ। ਇਸ ਵਾਰਦਾਤ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਰਾਣੀਆ ਸਿਰਸਾ (ਹਰਿਆਣਾ) ਨੇ ਦੱਸਿਆ ਕਿ ਉਹਨਾਂ ਨੇ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਨੰਗਲਾਂ ਅੰਬੀਆਂ ਵਿਖੇ ਜਮੀਨ ਖ਼ਰੀਦੀ ਹੈ ਅਤੇ ਉਹ ਹੁਣ ਪਿਛਲੇ ਕਰੀਬ ਦੋ ਸਾਲ ਤੋਂ ਪਿੰਡ ਕੰਨੀਆ ਖੁਰਦ ਵਿਖੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਘਰ ਰਹਿ ਰਹੇ ਹਨ, ਜੋ ਕਿ ਖੁਦ ਵਿਦੇਸ਼ ਇਟਲੀ ਵਿਖੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਬੀਤੀ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਉਹਨਾਂ ਦਾ ਸਾਰਾ ਪਰਿਵਾਰ ਘਰ ਦੇ ਵਿਹੜੇ ਵਿੱਚ ਕੂਲਰ ਲਗਾ ਕੇ ਸੁੱਤਾ ਪਿਆ ਸੀ। ਰਾਤ ਕਰੀਬ 3:30 ਵਜੇ ਜਦ ਉਸ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਉੱਠ ਕੇ ਘਰ ਅੰਦਰ ਦੇਖਿਆ ਕਿ ਘਰ ਦੇ ਅੰਦਰ ਤਿੰਨ ਕਮਰਿਆਂ ਦੇ ਦਰਵਾਜੇ ਖੁੱਲੇ ਪਏ ਸਨ। ਉਹਨਾਂ ਦੱਸਿਆ ਕਿ ਜਦ ਉਸਨੇ ਆਪਣੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਪਈਆਂ ਅਲਮਾਰੀਆਂ ਖੁੱਲੀਆਂ ਪਈਆਂ ਸਨ ਅਤੇ ਅਲਮਾਰੀਆਂ ਵਿੱਚ ਪਿਆ ਸਮਾਨ ਚੋਰੀ ਹੋ ਚੁੱਕਾ ਸੀ। ਉਹਨਾਂ ਦੱਸਿਆ ਕਿ ਚੋਰ ਘਰ ਦੇ ਪਿੱਛਲੇ ਪਾਸਿਓ ਖੇਤਾਂ ਵੱਲ ਦੀ ਕੰਧ ਨੂੰ ਸੰਨ੍ਹ ਲਗਾਕੇ ਕਮਰੇ ਅੰਦਰ ਦਾਖਲ ਹੋਏ, ਜਿਨਾਂ ਨੇ ਕਮਰੇ ਵਿੱਚ ਪਈਆਂ ਅਲਮਾਰੀਆਂ ਵਿੱਚ ਪਏ ਕਰੀਬ ਸਵਾ 6 ਤੋਲੇ ਸੋਨੇ ਦੇ ਗਹਿਣੇ, 22 ਤੋਲੇ ਚਾਂਦੀ ਦੇ ਗਹਿਣੇ ਅਤੇ ਸਵਾ ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ। ਉਹਨਾਂ ਦੱਸਿਆ ਕਿ ਚੋਰਾਂ ਨੇ ਬਾਕੀ ਦੋ ਕਮਰਿਆਂ ਦੇ 20 ਤਾਲੇ ਤੋੜੇ ਜਿਨਾਂ ਵਿੱਚ ਸਾਬਕਾ ਸਰਪੰਚ ਬਲਦੇਵ ਸਿੰਘ ਦਾ ਘਰੇਲੂ ਸਮਾਨ ਪਿਆ ਸੀ, ਜਿਸ ਵਿੱਚ ਵੀ ਚੋਰਾਂ ਨੇ ਫਰੋਲਾ ਫਰਾਲੀ ਕੀਤੀ ਅਤੇ ਕਮਰੇ ਦੀ ਇੱਕ ਗਰਿੱਲ ਖੋਲ ਕੇ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੂੰ ਦੱਸਿਆ ਤਾਂ ਉਹ ਵੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਏ.ਐਸ.ਆਈ ਸਰਵਣ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
