ਪਵਿੱਤਰ ਵੇਈਂ ਦੀ 24ਵੀਂ ਵਰ੍ਹੇਗੰਢ ਮਨਾਉਣ ਦੇ ਸਮਗਾਮ ਆਰੰਭ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਨਿਰਮਲ ਕੁਟੀਆ ਪਵਿੱਤਰ ਵੇਂਈ ਦੇ ਕਿਨਾਰੇ ਬਣੇ ਗੁਰਦੁਆਰਾ ਗੁਰਪ੍ਰਕਾਸ਼ ਵਿਖੇ ਅੱਜ ਪਵਿੱਤਰ ਵੇਂਈ ਦੀ ਕਾਰਸੇਵਾ ਦੀ 24ਵੀਂ ਵਰੇ੍ਹਗੰਢ ਮਨਾਉਣ ਦੇ ਸਮਾਗਮਾਂ ਦੀ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਰੱਖਣ ਨਾਲ ਆਰੰਭਤਾ ਕਰ ਦਿੱਤੀ ਗਈ ਹੈ। ਪਵਿੱਤਰ ਕਾਲੀ ਵੇਂਈ ਦੀ ਕਾਰਸੇਵਾ ਨੇ ਲੰਬਾ ਸਮਾਂ ਸਫਰ ਤੈਅ ਕਰ ਲ਼ਿਆ ਹੈ। ਵਰੇ੍ਹਗੰਢ ਦੇ ਸਮਾਗਮਾਂ ਦੌਰਾਨ 15 ਜੁਲਾਈ ਦੀ ਸ਼ਾਮ ਨੂੰ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿਸ ਦੌਰਾਨ ਰਾਗੀ ਜਥੇ ਗੁਰਬਾਣੀ ਦਾ ਨਿਰੋਲ ਕੀਰਤਨ ਕਰਨਗੇ, ਇਸ ਉਪਰੰਤ ਕਵੀ ਦਰਬਾਰ ਹੋਵੇਗਾ। ਮੁੱਖ ਸਮਾਗਮ 16 ਜੁਲਾਈ ਦੀ ਸਾਉਣ ਦੀ ਸੰਗਰਾਂਦ ਵਾਲੇ ਦਿਨ ਹੋਵੇਗਾ। ਗੁਰਦੁਆਰਾ ਬੇਰ ਸਾਹਿਬ ਵਿਖੇ 24 ਸਾਲ ਪਹਿਲਾਂ ਸਾਉਣ ਦੀ ਸੰਗਰਾਂਦ ਵਾਲੇ ਦਿਨ ਹੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਵੇਂਈ ਦੀ ਕਾਰਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਸੀ। ਇਹਨਾਂ 24 ਸਾਲਾਂ ਵਿੱਚ ਪੰਜਾਬ ਵਿੱਚ ਵਾਤਾਵਰਣ ਦੀ ਚੇਤਨਾ ਜਾਗੀ ਹੈ। ਸੰਤ ਸੀਚੇਵਾਲ ਨੇ ਵਾਤਾਵਰਣ ਦੇ ਗਲੋਬਲੀ ਮੁੱਦੇ ਨੂੰ ਪੰਜਾਬ ਦੇ ਕੇਂਦਰ ਬਿੰਦੂ ਵਿੱਚ ਲਿਆਉਣ ਲਈ ਮੋਹਰੀ ਭੂਮਿਕਾ ਨਿਭਾਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਵਰੇ੍ਹਗੰਢ ਦੇ ਸਮਾਗਮਾਂ ਦੌਰਾਨ ਪਵਿੱਤਰ ਕਾਲੀ ਵੇਈਂ ਤੇ ਪੰਜਾਬ ਨੂੰ ਵਾਤਾਵਰਣ ਪੱਖੋਂ ਹੋਰ ਬੇਹਤਰ ਬਣਾਉਣ ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਜਿਸ ਵਿਚ ਸੰਤ ਮਹਾਂਪੁਰਖ, ਵਾਤਾਵਰਣ ਪ੍ਰੇਮੀ, ਬੱਧੀਜੀਵੀ, ਰਾਜਨੀਤਿਕ ਆਗੂ ਤੇ ਹੋਰ ਮਹਾਨ ਸ਼ਖਸੀਅਤਾਂ ਹਾਜ਼ਰੀਆਂ ਭਰਨਗੀਆਂ। ਸੰਤ ਸੀਚੇਵਾਲ ਨੇ ਸਮੱੁਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਧਾਈ ਦਿੰਦਿਆ ਦੱਸਿਆ ਕਿ ਇਸ ਵਾਰ ਇਹ ਪਹਿਲੀ ਵਰ੍ਹੇਗੰਢ ਹੋਵੇਗੀ ਜਦੋਂ ਇਸ ਵਿੱਚ ਪੂਰੀ ਤਰ੍ਹਾ ਨਾਲ ਸਿੱਧੇ ਤੌਰ ਤੇ ਪਾਏ ਜਾ ਰਹੇ ਗੰਦੇ ਪਾਣੀ ਬੰਦ ਹੋ ਗਏ ਹਨ। ਉਹਨਾਂ ਦੱਸਿਆ ਕਿ ਇਹ ਸੰਗਤਾਂ ਦੀ ਅਣਥੱਕ ਕਾਰਸੇਵਾ ਦਾ ਹੀ ਫਲ ਹੈ ਕਿ ਸਾਲ 24 ਸਾਲਾਂ ਪਹਿਲਾਂ ਆਰੰਭੀ ਕਾਰਸੇਵਾ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੰਤ ਸੀਚੇਵਾਲ ਨੇ ਸ਼ੁਰੂ ਹੋਏ ਬਰਸਾਤ ਦੇ ਮੌਸਮ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ‘ਤੇ ਜ਼ੋਰ ਦਿੱਤਾ।
